ਤਲਵੰਡੀ ਸਾਬੋ (ਮਨੀਸ਼) : ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ 'ਚ ਗੁਰ ਮਰਿਆਦਾ ਦੀ ਉਲੰਘਣਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਗੁਰਦੁਆਰਾ ਸਾਹਿਬ 'ਚ ਹੋ ਰਹੇ ਆਨੰਦ ਕਾਰਜ ਦੀ ਹੈ, ਜਿਸ ਵਿਚ ਇਕ ਸਰਦਾਰ ਲੜਕਾ ਤੇ ਲੜਕੀ ਲਾੜਾ-ਲਾੜੀ ਦੇ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਵਾਂ ਲੈਂਦੇ ਸਮੇਂ ਸੋਫੇ 'ਤੇ ਬੈਠ ਜਾਂਦੇ ਹਨ, ਦਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਣ ਉਪਰੰਤ ਸੋਫੇ 'ਤੇ ਬੈਠਣ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਇਹ ਮਰਿਆਦਾ ਦੇ ਬਿਲਕੁਲ ਉਲਟ ਹੈ, ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਘਿਨੌਣੀ ਹਰਕਤ ਨਾਲ ਭਾਰੀ ਠੇਸ ਪੁੱਜੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਵੱਲੋਂ ਫੁਰਮਾਈ ਪਾਵਨ ਪਵਿੱਤਰ ਬਾਣੀ ਤੋਂ ਉਪਰ ਕੋਈ ਵੀ ਸ਼ਖਸ ਨਹੀਂ ਹੋ ਸਕਦਾ। ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰਬਾਣੀ ਅਤੇ ਗੁਰੂ ਸਾਹਿਬ ਦਾ ਸਤਿਕਾਰ ਬਣਾਈ ਰੱਖੇ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ 'ਚ ਲਿਆ ਕੇ ਤੁਰੰਤ ਇਨਕੁਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਸ਼ਖਸ ਹੋਵੇ, ਜਿਸ ਨੇ ਇਸ ਤਰ੍ਹਾਂ ਗੁਰੂ ਸਾਹਿਬ ਦਾ ਨਿਰਾਦਰ ਕਰਦਿਆਂ ਮਰਿਆਦਾ ਦੇ ਉਲਟ ਜਾਣ ਦੀ ਕੋਸ਼ਿਸ਼ ਕੀਤੀ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

'ਚੰਡੀਗੜ੍ਹ ਸਵੀਟਸ' 'ਚ ਲੱਗੀ ਭਿਆਨਕ ਅੱਗ, ਫਾਇਰ ਮੁਲਾਜ਼ਮ ਜ਼ਖਮੀਂ
NEXT STORY